ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਪ੍ਰਵਾਸੀ ਸੇਵਾਵਾਂ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਐਂਡਰਿਊ ਜਾਇਲਜ਼ ਨੇ ਫੈਡਰੇਸ਼ਨ ਆਫ਼ ਐਥਨਿਕ ਕਮਿਊਨਿਟੀਜ਼ ਕਾਉਂਸਿਲਜ਼ ਆਫ਼ ਆਸਟ੍ਰੇਲੀਆ (ਐਫ ਈ ਸੀ ਸੀ ਏ) ਦੀ ਕਾਨਫਰੰਸ ਨੂੰ ਸੰਬੋਧਨ ਕਰਦੇ ਕਿਹਾ ਕਿ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮੁੜ ਸੰਤੁਲਿਤ ਕਰਨ ਲਈ ਸਥਾਈ ਪ੍ਰਵਾਸ ਨੂੰ ਵਧੇਰੇ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਨਸਲਵਾਦ, ਬਜ਼ੁਰਗ ਦੇਖਭਾਲ ਸੁਧਾਰ, ਅਪੰਗਤਾ, ਪਛਾਣ ਅਤੇ ਵਿਭਿੰਨਤਾ ਸਮੇਤ ਕਈ ਅਹਿਮ ਮੁੱਦਿਆਂ 'ਤੇ 100 ਤੋਂ ਵੀ ਵੱਧ ਬੁਲਾਰਿਆਂ ਨੇ ਇਸ ਸਮੇਲਨ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ।
ਐਸ ਬੀ ਐਸ ਹਿੰਦੀ ਨਾਲ ਵਿਸ਼ੇਸ਼ ਤੌਰ 'ਤੇ ਗੱਲ ਕਰਦਿਆਂ ਸ਼੍ਰੀ ਜਾਇਲਜ਼ ਨੇ ਕਿਹਾ ਕਿ ਮੌਜੂਦਾ ਸਰਕਾਰ ਵੀਜ਼ਾ ਬੈਕਲਾਗ ਸਮੱਸਿਆ ਨਾਲ਼ ਨਜਿੱਠਣ ਲਈ ਵਚਨਬੱਧ ਹੈ।
"ਪ੍ਰਧਾਨ ਮੰਤਰੀ ਅਲਬਨੀਜ਼ ਅਤੇ ਮੈਂ ਵੀਜ਼ਾ ਮਨਜ਼ੂਰੀ ਲਈ ਲੰਬੀਆਂ ਕਤਾਰਾਂ ਨੂੰ ਘਟਾਉਣ ਲਈ ਸਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇਂ ਹਾਂ ਤਾਂ ਕਿ ਇਸ ਮਸਲੇ ਦਾ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾ ਸਕੇ," ਉਨ੍ਹਾਂ ਕਿਹਾ।
ਸ਼੍ਰੀ ਜਾਇਲਜ਼ ਨੇ ਇਹ ਵੀ ਭਰੋਸਾ ਦਿੱਤਾ ਕਿ ਨਵੀਂ ਸਰਕਾਰ ਪੇਰੈਂਟ ਵੀਜ਼ੇ 'ਤੇ ਕੰਮ ਕਰਨ ਲਈ ਵੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਸੰਵੇਦਨਸ਼ੀਲ ਮੁੱਦਾ ਭਾਰਤੀ-ਆਸਟ੍ਰੇਲੀਅਨ ਭਾਈਚਾਰੇ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਉਨ੍ਹਾਂ ਨੇ ਆਸਟ੍ਰੇਲੀਅਨ ਨਾਗਰਿਕਤਾ ਪ੍ਰਾਪਤ ਕਰਨ ਲਈ ਉਡੀਕ ਸਮੇਂ ਉਤੇ ਵੀ ਇਤਰਾਜ਼ ਜਤਾਇਆ ਅਤੇ ਇਸ ਨੂੰ ਘਟਾਉਣ ਲਈ ਨੀਤੀਆਂ ਵਿੱਚ ਬਦਲਾਅ ਲਿਆਉਣ ਦਾ ਵੀ ਭਰੋਸਾ ਦਿੱਤਾ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।