ਨਿਊਜ਼ੀਲੈਂਡ ਦੇ ਟ੍ਰੇਡ ਕਮਿਸ਼ਨ ਨੇ 'ਮਿਲਕਿਓ ਫੂਡਜ਼ ਲਿਮਟਿਡ' ਉੱਤੇ ਮੁੱਕਦਮਾ ਕੀਤਾ ਸੀ। ਇਸ ਤਹਿਤ ਸੋਮਵਾਰ ਨੂੰ, ਮਿਲਕਿਓ ਫੂਡਜ਼ ਦੇ '100 ਪ੍ਰਤੀਸ਼ਤ ਸ਼ੁੱਧ ਨਿਊਜ਼ੀਲੈਂਡ' ਪਦਾਰਥ ਵੇਚਣ ਦੇ ਦਾਅਵੇ ਨੂੰ ਗਲਤ ਸਾਬਤ ਕਰ ਦਿੱਤਾ ਗਿਆ ਅਤੇ ਕੰਪਨੀ 'ਤੇ 261,452 ਅਮਰੀਕੀ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
ਇਹ ਖੁਲਾਸਾ ਹੋਇਆ ਹੈ ਕਿ ਇਹ ਕੰਪਨੀ ਭਾਰਤ ਤੋਂ ਆਯਾਤ ਕੀਤੇ ਮੱਖਣ ਦੀ ਵਰਤੋਂ ਕਰਨ ਦੇ ਬਾਵਜੂਦ ਆਪਣੇ ਘਿਓ ਬਾਰੇ '100 ਪ੍ਰਤੀਸ਼ਤ ਸ਼ੁੱਧ ਨਿਊਜ਼ੀਲੈਂਡ' ਹੋਣ ਦਾ ਦਾਅਵਾ ਕਰਦੀ ਸੀ।
ਇੰਨ੍ਹਾਂ ਹੀ ਨਹੀਂ ਕੰਪਨੀ 'ਤੇ ਇਹ ਵੀ ਦੋਸ਼ ਲੱਗੇ ਹਨ ਕਿ ਕੰਪਨੀ ਨੇ 'ਫਰਨਮਾਰਕ ਲੋਗੋ' ਦੀ ਵਰਤੋਂ ਕਰਨ ਦੀ ਪ੍ਰਵਾਨਗੀ ਲੈਣ ਲਈ ਗਲਤ ਅਤੇ ਅਧੂਰੀ ਜਾਣਕਾਰੀ ਵੀ ਪੇਸ਼ ਕੀਤੀ ਸੀ। 'ਫਰਨਮਾਰਕ ਲੋਗੋ' ਨਿਊਜ਼ੀਲੈਂਡ ਵਿੱਚ ਬਣੇ ਉਤਪਾਦਾਂ ਦੀ ਪਛਾਣ ਕਰਨ ਲਈ ਇੱਕ ਭਰੋਸੇਯੋਗ ਚਿੰਨ੍ਹ ਹੈ।

'ਕੌਮਰਸ ਕਮਿਸ਼ਨ' ਦੀ ਬੁਲਾਰਾ ਵੈਨੇਸਾ ਹੌਰਨ ਦਾ ਕਹਿਣਾ ਹੈ ਕਿ ਮਿਲਕੀਓ ਨੇ ਆਪਣੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਪ੍ਰਤਿਸ਼ਠਾ ਦਾ ਫਾਇਦਾ ਚੱਕਿਆ ਹੈ।
ਹੌਰਨ ਨੇ ਅੱਗੇ ਕਿਹਾ ਕਿ, "ਇਸ ਮਾਮਲੇ 'ਤੇ ਕੀਤੀ ਗਈ ਕਾਰਵਾਈ ਅਜਿਹੇ ਲੋਕਾਂ ਲਈ ਇੱਕ ਉਦਾਹਰਣ ਹੈ ਜੋ ਨਿਊਜ਼ੀਲੈਂਡ ਬ੍ਰਾਂਡ ਦਾ ਝੂਠਾ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ।