ਪਿਛਲੇ ਕੁਝ ਮਹੀਨਿਆਂ ਦੌਰਾਨ ਕੋਵਿਡ-19 ਪਾਬੰਦੀਆਂ ਕਰਕੇ ਹੋਟਲ ਅਤੇ ਰੈਸਟੋਰੈਂਟਸ ਨੂੰ 'ਟੇਕਵੇ' ਉੱਤੇ ਹੀ ਨਿਰਭਰ ਰਹਿਣਾ ਪਿਆ ਸੀ ਜਦਕਿ ਸੈਲਾਨੀ ਸਨਅਤ ਪੂਰੀ ਤਰਾਂਹ ਖਤਮ ਹੋ ਗਈ ਸੀ।
ਪਰ ਹੁਣ ਪੇਸ਼ ਕੀਤੇ ਜਾ ਰਹੇ ਅਗਾਮੀ ਬਜਟ ਤਹਿਤ ਇਨ੍ਹਾਂ ਦੋਨਾਂ ਸਨਅਤਾਂ ਲਈ ਉਮੀਦ ਦੀ ਨਵੀਂ ਕਿਰਨ ਜਾਗੀ ਹੈ।
ਇਸ ਦੌਰਾਨ ਐਸ ਬੀ ਐਸ ਨਿਊਜ਼ ਨੇ ਪਰਵਾਸ ਮੰਤਰੀ ਐਲੇਕਸ ਹੌਕ ਦੇ ਹਵਾਲੇ ਨਾਲ ਦੱਸਿਆ ਹੈ ਕਿ ਹੁਣ 'ਹਾਸਪਿਟੈਲਿਟੀ ਤੇ ਟੂਰਿਜ਼ਮ' ਸੈਕਟਰ ਦੇ ਵਿਦਿਆਰਥੀਆਂ ਤੋਂ 20 ਘੰਟੇ ਪ੍ਰਤੀ ਹਫ਼ਤੇ ਵਾਲੀ ਕੈਪ ਹਟਾਏ ਜਾਣ ਦੀ ਸੰਭਾਵਨਾ ਹੈ।
ਨਵੇਂ ਸੰਭਾਵੀ ਨਿਯਮ ਤਹਿਤ ਜਿਥੇ ਇਨ੍ਹਾਂ ਦੋਨਾਂ ਸਨਅਤਾਂ ਨੂੰ ਮੁੜ ਸਥਾਪਤ ਹੋਣ ਵਿੱਚ ਸਹਾਇਤਾ ਮਿਲ ਸਕਣ ਦੀ ਉਮੀਦ ਹੈ ਉੱਥੇ ਇਹ ਇਸ ਸਨਅਤ ਵਿੱਚ ਕੰਮ ਕਰਦੇ ਕਾਮਿਆਂ ਲਈ ਵੀ ਮਦਦਗਾਰ ਸਾਬਤ ਹੋ ਸਕਦੈ।
ਮੈਲਬੌਰਨ ਵਿੱਚ ਪਿਛਲੇ ਕੁਝ ਸਾਲਾਂ ਤੋਂ 'ਪੰਜਾਬੀ ਕਰੀ ਕੈਫੇ' ਨਾਂ ਦਾ ਰੈਸਟੋਰੈਂਟ ਚਲਾਉਂਦੇ ਰਾਜ ਸਿੰਘ ਨੇ ਦੱਸਿਆ ਕਿ ਕਰੋਨਾਵਾਇਰਸ ਦੇ ਲਾਕਡਾਊਨ ਖੁੱਲ੍ਹਣ ਪਿੱਛੋਂ ਉਨ੍ਹਾਂ ਨੂੰ ਆਪਣੇ ਰੈਸਟੋਰੈਂਟ ਵਿਚ ਕਾਮਿਆਂ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ ਪਰ ਇਸ ਨਵੇਂ ਐਲਾਨ ਪਿੱਛੋਂ ਉਨ੍ਹਾਂ ਨੂੰ ਕੁਝ ਆਸ ਦੀ ਕਿਰਨ ਨਜ਼ਰ ਆ ਰਹੀ ਹੈ।
ਤਾਲਾਬੰਦੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਹਾਲੋਂ-ਬੇਹਾਲ’ ਹੋਣਾ ਕਿਸੇ ਤੋਂ ਗੁੱਝਾ ਨਹੀਂ ਹੈ।

Raj Singh is the owner-operator of Punjabi Curry Cafe located in Collingwood, Melbourne. Source: Supplied
ਕਈ ਕੰਮਕਾਰ ਠੱਪ ਹੋਣ ਦੇ ਚਲਦਿਆਂ ਉਨ੍ਹਾਂ ਦੀ ਆਮਦਨ ਵਿੱਚ ਖੜੋਤ ਆਈ ਸੀ ਪਰ ਰੋਜ਼-ਮੱਰਾ ਦੇ ਖ਼ਰਚੇ ਤੇ ਯੂਨੀਵਰਸਿਟੀ/ਕਾਲਜ ਦੀਆਂ ਫੀਸਾਂ ਉਸੇ ਤਰਾਂਹ ਚੱਲ ਰਹੀਆਂ ਸਨ।
ਐਨ ਐੱਸ ਡਬਲਿਊ ਯੂਨੀਅਨ ਦੇ ਇਕ ਸਰਵੇ ਦੌਰਾਨ ਪਾਇਆ ਗਿਆ ਸੀ ਕਿ 'ਬਿਪਤਾ ਮਾਰੇ' ਵਿਦਿਆਰਥੀ ਗੁਜ਼ਾਰੇ ਲਈ 'ਕੈਸ਼ ਇਨ ਹੈਂਡ' ਨੌਕਰੀਆਂ ਉੱਤੇ ਨਿਰਭਰ ਕਰਨ ਲਈ ਮਜਬੂਰ ਹਨ।
ਇੱਕ ਅੰਦਾਜ਼ੇ ਮੁਤਾਬਿਕ 'ਹੌਸਪਿਟੈਲਿਟੀ' ਜਾਂ ਪ੍ਰਾਹੁਣਚਾਰੀ ਸੈਕਟਰ ਇਸ ਵੇਲੇ 500,000 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਤੇ ਅਗਾਮੀ ਸੰਭਾਵਿਤ ਤਬਦੀਲੀਆਂ ਦੇ ਚਲਦਿਆਂ ਇਨ੍ਹਾਂ ਕਾਰੋਬਾਰਾਂ ਨੂੰ ਜਿਥੇ ਕਾਮਿਆਂ ਦੀ ਕਿੱਲਤ ਨਾਲ ਨਜਿੱਠਣ ਵਿੱਚ ਮਦਦ ਹੋ ਸਕੇਗੀ ਓਥੇ ਇਸਤੋਂ ਅੰਤਰਾਸ਼ਟਰੀ ਵਿਦਿਆਰਥੀਆਂ ਦੇ ਆਰਥਿਕ ਹਾਲਾਤਾਂ ਨੂੰ ਬੇਹਤਰ ਕਰਨ ਵਿੱਚ ਸਹਾਈ ਸਿੱਧ ਹੋਣ ਦੀ ਵੀ ਉਮੀਦ ਹੈ।
ਆਸਟ੍ਰੇਲੀਆ ਚ ਇਸ ਵੇਲੇ 300,000 ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਦੱਸੇ ਜਾ ਰਹੇ ਹਨ ਅਤੇ ਇਹਨਾਂ ਵਿੱਚੋਂ ਬਹੁਤਿਆਂ ਉੱਤੇ 15 ਦਿਨਾਂ ਵਿੱਚ 40 ਘੰਟੇ ਕੰਮ ਕਰਨ ਦੀ ਪਾਬੰਦੀ ਹੈ।
ਮੈਲਬੌਰਨ ਦੇ ਵਸਨੀਕ, ਗੈਰੀ ਸਿੰਘ ਪਿਛਲੇ ਦੋ ਸਾਲਾਂ ਤੋਂ 'ਹਾਸਪੀਟੈਲਿਟੀ' ਖੇਤਰ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਪੜ੍ਹਾਈ ਕਰ ਰਹੇ ਹਨ।
ਉਨ੍ਹਾਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਨਵੇਂ ਨਿਯਮਾਂ ਦੇ ਲਾਗੂ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਆਪਣੀ ਆਰਥਿਕ ਸਮੱਸਿਆ ਦਾ ਹੱਲ ਨਜ਼ਰ ਆ ਰਿਹਾ।
"ਵਧੇਰੇ ਆਮਦਨ ਦੇ ਚਲਦਿਆਂ ਮੈਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਜਿਥੇ ਸੁਚਾਰੂ ਢੰਗ ਨਾਲ ਚਲਾ ਸਕਾਂਗਾ ਉੱਥੇ ਇਹ ਮੈਨੂੰ ਆਪਣੇ ਕਾਲਜ ਦੀ ਹਰ ਛੇਈਂ ਮਹੀਨੀਂ ਆਉਂਦੀ ਫੀਸ ਭਰਨ ਵਿੱਚ ਵੀ ਮਦਦ ਹੋਏਗੀ," ਉਨ੍ਹਾਂ ਕਿਹਾ।
ਪੂਰੀ ਜਾਣਕਾਰੀ ਲਈ ਇਸ ਆਡੀਓ ਬਟਨ ਉੱਤੇ ਕ੍ਲਿਕ ਕਰੋ
ਇਸ ਖ਼ਬਰ ਬਾਰੇ ਹੋਰ ਜਾਣਨ ਲਈ ਤੁਸੀਂ ਟੌਮ ਸਟਾਈਨਰ ਦੇ ਹਵਾਲੇ ਨਾਲ ਐਸ ਬੀ ਐਸ ਨਿਊਜ਼ ਦੀ ਵੈਬਸਾਈਟ 'ਤੇ ਜਾਕੇ ਆਰਟੀਕਲ ਵੀ ਪੜ੍ਹ ਸਕਦੇ ਹੋ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।