ਬਹੁਤ ਸਾਰੇ ਦਫਤਰੀ ਕਰਮਚਾਰੀ ਅਜੇ ਵੀ ਘਰ ਤੋਂ ਕੰਮ ਕਰਨ ਨੂੰ ਤਰਜੀਹ ਦੇ ਰਹੇ ਹਨ ਪਰ ਹੁਣ ਬਹੁਤੇ ਅਦਾਰੇ ਉਨ੍ਹਾਂ ਉੱਤੇ ਵਾਪਸੀ ਲਈ ਜ਼ੋਰ ਪਾ ਰਹੇ ਹਨ।
ਇਨ੍ਹਾਂ ਵਿੱਚ ਕਾਮਨਵੈਲਥ ਬੈਂਕ ਵੀ ਸ਼ਾਮਲ ਹੈ, ਜਿਸ ਨੇ ਆਪਣੇ ਸਟਾਫ ਨੂੰ ਸੋਮਵਾਰ (17 ਜੁਲਾਈ) ਤੋਂ 50 ਫੀਸਦੀ ਲਾਜ਼ਮੀ ਹਾਜ਼ਰੀ ਲਈ ਨੋਟਿਸ ਦਿੱਤਾ ਹੈ।
ਬੈਂਕ ਕਰਮਚਾਰੀਆਂ ਦੀ ਨੁਮਾਇੰਦਗੀ ਕਰ ਰਹੀ ਫਾਈਨਾਂਸ ਸੈਕਟਰ ਯੂਨੀਅਨ ਇਸ ਮਾਮਲੇ ਨੂੰ ਫੇਅਰਵਰਕ ਕਮਿਸ਼ਨ ਕੋਲ ਲੈ ਕੇ ਜਾ ਰਹੀ ਹੈ।
ਯੂਨੀਅਨ ਦੀ ਵੈਂਡੀ ਸਟ੍ਰੀਟਸ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਸਟਾਫ ਮੈਂਬਰਾਂ ਲਈ ਕਾਫੀ ਮੁਸ਼ਕਿਲ ਹੋਵੇਗਾ ਜੋ ਹੁਣ ਘਰ ਦੇ ਪ੍ਰਬੰਧਾਂ ਤਹਿਤ ਕੰਮ ਕਰਨ ਦੇ ਆਦੀ ਹੋ ਗਏ ਹਨ।
ਹਾਲਾਂਕਿ ਇਸ ਦੇ ਉਲਟ, ਨੈਸ਼ਨਲ ਆਸਟ੍ਰੇਲੀਆ ਬੈਂਕ ਨੇ ਚਾਰ ਸਾਲਾਂ ਵਿੱਚ 17 ਫ਼ੀਸਦ ਤਨਖਾਹ ਵਾਧੇ ਦੇ ਨਾਲ ਇੱਕ ਨਵੇਂ ਐਂਟਰਪ੍ਰਾਈਜ਼ ਸਮਝੌਤੇ ਦੇ ਤਹਿਤ ਕੁਝ ਭੂਮਿਕਾਵਾਂ ਲਈ ਪੂਰੀ ਤਰ੍ਹਾਂ ਰਿਮੋਟ ਕੰਮ ਦੀ ਆਗਿਆ ਦੇਣ ਲਈ ਸਹਿਮਤੀ ਦਿੱਤੀ ਹੈ।
ਅਮਨ ਮਾਂਗਟ ਜੋ ਸਿਡਨੀ ਵਿੱਚ ਇੱਕ ਐੱਚ ਆਰ ਮੈਨੇਜਰ ਵਜੋਂ ਸੇਵਾਵਾਂ ਦੇ ਰਹੇ ਹਨ, ਨੇ ਕਰਮਚਾਰੀਆਂ ਨੂੰ ਦੋਨੋਂ ਪਹਿਲੂਆਂ 'ਤੇ ਉੱਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ।
"ਕੋਵਿਡ ਪਿੱਛੋਂ ਹੁਣ ਬਹੁਤ ਸਾਰੇ ਅਦਾਰੇ ਹਾਈਬ੍ਰਿਡ ਨੀਤੀ ਤਹਿਤ ਘਰੋਂ ਤੇ ਸਾਈਟ 'ਤੇ ਕੰਮ ਦੇ ਸਮੇਂ ਨੂੰ ਵੰਡਣਾ ਲਾਜ਼ਮੀ ਕਰ ਰਹੇ ਹਨ। ਮੇਰਾ ਵੀ ਇਹੀ ਮੰਨਣਾ ਹੈ ਕਿ ਜਿਥੇ ਸੰਭਵ ਹੋਵੇ ਓਥੇ ਕੰਮ 'ਤੇ ਵਾਪਿਸ ਆਉਣ ਦੇ ਫਾਇਦੇ ਹੋ ਸਕਦੇ ਹਨ। ਪਰ ਕੁਝ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਲੋਕ ਅਜੇ ਵੀ ਘਰੋਂ ਕੰਮ ਕਰਨ ਨੂੰ ਤਰਜੀਹ ਦੇ ਰਹੇ ਹਨ," ਉਨ੍ਹਾਂ ਕਿਹਾ।
ਇਸ ਦੌਰਾਨ ਗਲੋਬਲ ਕਮਰਸ਼ੀਅਲ ਰੀਅਲ ਅਸਟੇਟ ਗਰੁੱਪ J-L-L ਦਾ ਡਾਟਾ ਦਰਸਾਉਂਦਾ ਹੈ ਕਿ ਸਿਡਨੀ ਅਤੇ ਮੈਲਬੌਰਨ ਦੇ ਸੀ ਬੀ ਡੀ ਖੇਤਰਾਂ ਵਿੱਚ ਵਪਾਰਕ ਥਾਵਾਂ ਦੀ ਲੀਜ਼ ਹੁਣ ਪਿਛਲੇ 12 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ।
ਪਰ ਦੂਜੇ ਪਾਸੇ ਕਮਿਊਨਿਟੀ ਅਤੇ ਪਬਲਿਕ ਸੈਕਟਰ ਯੂਨੀਅਨ ਦੁਆਰਾ ਸਟਾਫ ਨੂੰ ਕੁਝ ਖਾਸ ਹਾਲਾਤਾਂ ਹਾਲਤਾਂ ਵਿੱਚ ਸਥਾਈ ਤੌਰ 'ਤੇ ਘਰ ਤੋਂ ਕੰਮ ਕਰਨ ਦੀ ਆਗਿਆ ਲਈ ਸਹਿਮਤੀ ਸਮਝੌਤੇ ਹੋਣ ਦੀਆਂ ਵੀ ਖ਼ਬਰਾਂ ਹਨ।
ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ....