ਪਵਨਪ੍ਰੀਤ ਸਿੰਘ ਭੱਠਲ ਅੱਜਕਲ ਮੈਲਬੋਰਨ ਵਿਖੇ ਰਹਿ ਰਹੇ ਹਨ। ਜਾਂ ਕਹਿ ਲਵੋ, ਮੈਲਬੋਰਨ ਵਿੱਚ ਆਪਣਾ ਸਮਾਂ ਗੁਜ਼ਾਰ ਰਹੇ ਹਨ ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੰਮ ਕਰਨ ਵਾਲੇ ਸ਼੍ਰੀ ਭੱਠਲ ਫਰਵਰੀ ਵਿੱਚ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ਵਿਜ਼ਿਟਰ ਵੀਜ਼ਾ ਲੈ ਕੇ ਘੁੰਮਣ ਫਿਰਨ ਲਈ ਆਏ ਸਨ।
ਖ਼ਾਸ ਨੁਕਤੇ :
- ਸੈਂਕੜੇ ਭਾਰਤੀ ਸੈਲਾਨੀ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਦੀਆਂ ਪਾਬੰਦੀਆਂ ਕਰਕੇ ਫਸੇ
- ਆਰਥਿਕ ਦਿੱਕਤਾਂ ਦਾ ਸਾਹਮਣਾ ਕਰ ਰਹੇ ਭਾਰਤੀ ਦੋਸਤਾਂ -ਰਿਸ਼ਤੇਦਾਰਾਂ ਦੇ ਘਰਾਂ ਵਿੱਚ ਰਹਿਣ ਲਈ ਮਜਬੂਰ
- ਪੰਜਾਬ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਵਿਦੇਸ਼ਾਂ ਵਿੱਚ ਫਸੇ ਨਾਗਰਿਕਾਂ ਨੂੰ ਆਪਣੇ ਜ਼ਿਲੇ ਦੇ ਈ-ਮੇਲ ਐਡਰੈੱਸ ਉੱਤੇ ਸੰਪਰਕ ਕਰਨ ਦੀ ਹਿਦਾਇਤ
ਆਪਣੇ ਦਫਤਰ ਤੋਂ ਮਿਲੀ ਇੱਕ ਮਹੀਨੇ ਦੀ ਛੁੱਟੀ ਦੌਰਾਨ ਆਸਟ੍ਰੇਲੀਆ ਵਿੱਚ ਸ਼੍ਰੀ ਭੱਠਲ ਨੇ ਆਪਣੇ ਮੇਜ਼ਬਾਨ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮਹਿਮਾਨ ਨਿਵਾਜ਼ੀ ਦਾ ਆਨੰਦ ਮਾਣਿਆ। ਪਰ ਜਦ ਘਰ ਵਾਪਿਸ ਜਾਣ ਦਾ ਵੇਲਾ ਆਇਆ, ਤਾਂ ਕਰੋਨਾਵਾਇਰਸ ਨੇ ਰਸਤਾ ਰੋਕ ਲਿਆ।
"ਮੈਂ ਇਕ ਮਹੀਨੇ ਲਈ ਆਪਣੀ ਪਤਨੀ ਤੇ ਪੁੱਤਰ ਨਾਲ ਆਸਟ੍ਰੇਲੀਆ ਖੁੰਮਣ ਆਇਆ ਸੀ। ਸਾਡੀ 22 ਮਾਰਚ ਦੀ ਵਾਪਸੀ ਸੀ ਲੇਕਿਨ ਆਸਟ੍ਰੇਲੀਆ ਅਤੇ ਭਾਰਤ ਦੇ ਅੰਤਰਰਾਸ਼ਟਰੀ ਬਾਰਡਰ ਬੰਦ ਹੋ ਜਾਣ ਕਰਕੇ ਸਾਨੂੰ ਅਜੇ ਤੱਕ ਆਸਟ੍ਰੇਲੀਆ ਵਿੱਚ ਰਹਿਣਾ ਪੈ ਰਿਹਾ ਹੈ," ਸ਼੍ਰੀ ਭੱਠਲ ਨੇ ਕਿਹਾ।
ਸ਼ੁਰੂਆਤ ਵਿੱਚ ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਇਹ ਰੁਕਾਵਟ ਹਫਤੇ ਭਰ ਦੀ ਹੋਵੇਗੀ ਪਰ ਵੇਖਦੇ-ਵੇਖਦੇ ਦਿਨ ਹਫਤਿਆਂ ਵਿੱਚ ਤੇ ਹਫਤੇ ਹੁਣ ਤਕਰੀਬਨ ਸਵਾ ਮਹੀਨੇ ਵਿੱਚ ਤਬਦੀਲ ਹੋ ਚੁੱਕੇ ਹਨ।
"ਬਤੌਰ ਸੈਲਾਨੀ, ਅਸੀਂ ਕਾਫੀ ਸੈਰ-ਸਪਾਟਾ ਕੀਤਾ। ਮੈਲਬੋਰਨ, ਸਿਡਨੀ ਸਮੇਤ ਆਸਟ੍ਰੇਲੀਆ ਦੀਆਂ ਹੋਰ ਕਈ ਥਾਵਾਂ ਦੇਖੀਆਂ। ਪਰ ਹੁਣ ਸਾਨੂੰ ਮਜਬੂਰਨ ਆਸਟ੍ਰੇਲੀਆ ਵਿੱਚ ਰਹਿਣਾ ਪੈ ਰਿਹਾ ਹੈ ਅਤੇ ਕੁਝ ਦਿਨਾਂ ਤੋਂ ਬਾਅਦ ਆਪਣੇ ਰਹਿਣ ਦੇ ਟਿਕਾਣੇ ਨੂੰ ਬਦਲਣਾ ਪੈ ਰਿਹਾ ਹੈ। ਲੰਬੇ ਸਮੇ ਲਈ ਦੋਸਤਾਂ-ਰਿਸ਼ਤੇਦਾਰਾਂ ਦੇ ਘਰ ਰਹਿਣ ਵਿਚ ਸ਼ਰਮ ਮਹਿਸੂਸ ਹੁੰਦੀ ਹੈ," ਉਨ੍ਹਾਂ ਨੇ ਕਿਹਾ।

ਪੰਜਾਬ ਸਰਕਾਰ ਵੱਲੋਂ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਸ਼ਨਾਖਤ ਕਰਣ ਦੇ ਆਦੇਸ਼ ਦਿੱਤੇ ਗਏ ਨੇ। Source: ਸੂਤਰ
ਸ਼੍ਰੀ ਭੱਠਲ ਵਰਗੇ ਹੋਰ ਵੀ ਸੈਂਕੜੇ ਭਾਰਤੀ ਨਾਗਰਿਕ ਕਰੋਨਾਵਾਇਰਸ-ਸੰਬੰਧੀ ਯਾਤਰਾ ਪਾਬੰਦੀਆਂ ਦੇ ਚਲਦੇ ਅੱਜ ਕਲ ਆਸਟ੍ਰੇਲੀਆ ਵਿੱਚ ਫਸੇ ਹੋਏ ਹਨਪ ਫੇਸਬੁੱਕ ਅਤੇ ਵਾਟ੍ਸਐੱਪ ਉੱਤੇ ਬਣੇ ਗਰੁੱਪਾਂ ਵਿੱਚ ਅੱਜਕਲ ਇਹ ਲੋਕ ਰੱਲ ਕੇ ਉਸ ਦਿਨ ਦੀ ਉਡੀਕ ਕਰ ਰਹੇ ਨੇ ਜਿਸ ਦਿਨ ਇਹ ਆਪਣੇ ਦੇਸ਼ ਭਾਰਤ ਪਰਤ ਸਕਣਗੇ।
ਸ਼੍ਰੀ ਭੱਠਲ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਫਸੇ ਭਰਤੀ ਨਾਗਰਿਕਾਂ ਨੂੰ ਕਈ ਕਿਸਮਾਂ ਦੀਆਂ ਦਿੱਕਤਾਂ ਦਰਪੇਸ਼ ਹਨ।
"ਅਸੀਂ ਇਕ ਮਹੀਨੇ ਲਈ ਲੌੜੀਂਦੇ ਪੈਸੇ ਨਾਲ ਲਿਆਏ ਸੀ, ਪਰ ਉਹ ਸਾਰੇ ਖਰਚ ਹੋ ਚੁੱਕੇ ਹਨ। ਹੁਣ ਸਾਨੂੰ ਭਾਰਤ ਤੋਂ 2000 ਡਾਲਰ ਹੋਰ ਮੰਗਵਾਉਣਾ ਪਿਆ ਜੋ ਕਿ ਲਗਭਗ 1 ਲੱਖ ਰੁਪਏ ਬਰਾਬਰ ਹੈ। ਨਾਲ ਹੀ, ਆਸਟ੍ਰੇਲੀਆ ਵਿੱਚ ਹੁਣ ਠੰਡ ਦਾ ਮੌਸਮ ਆ ਰਿਹਾ ਹੈ, ਜਿਸ ਕਰਕੇ ਸਾਨੂੰ ਆਪਣੇ ਪੰਜ-ਸਾਲ ਦੇ ਪੁੱਤਰ ਦੀ ਸਿਹਤ ਦਾ ਫਿਕਰ ਰਹਿੰਦਾ ਹੈ। ਜੇ ਸਾਡੇ ਵਿਚੋਂ ਕੋਈ ਬਿਮਾਰ ਪੈ ਗਿਆ, ਤੇ ਸੈਲਾਨੀ ਹੋਣ ਕਰਕੇ ਸਾਨੂੰ ਕੋਈ ਮੈਡੀਕਲ ਸਹੂਲਤ ਵੀ ਉਪਲੱਬਧ ਨਹੀਂ ਹੋਵੇਗੀ," ਉਨ੍ਹਾਂ ਕਿਹਾ।
ਇਸ ਤੋਂ ਅਲਾਵਾ, ਇਹ ਪਟਿਆਲਾ ਵਿਚ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਲੈਕੇ ਵੀ ਚਿੰਤਤ ਨੇ।
"ਜਦ ਪਰਿਵਾਰ ਇਕੱਠਾ ਹੋਵੇ, ਤੇ ਹਰ ਦਿੱਕਤ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਪਰ ਅੱਜਕਲ ਮੇਰੇ ਮਾਤਾ-ਪਿਤਾ ਸਿਰਫ ਫੋਨ ਕਰਕੇ ਰੋਜ਼ ਇਹੀ ਪੁੱਛਦੇ ਨੇ ਕਿ ਅਸੀਂ ਕਦੋਂ ਵਾਪਿਸ ਆ ਰਹੇ ਹਾਂ," ਉਨ੍ਹਾਂ ਨੇ ਦੱਸਿਆ।
ਪਿਛਲੇ ਹਫਤੇ ਭਾਰਤ ਸਰਕਾਰ ਦੇ ਕੈਬਿਨੇਟ ਸਕੱਤਰ ਰਾਜੀਵ ਗਾਬਾ ਨੇ ਵਿਦੇਸ਼ ਸਕੱਤਰ ਹਰਸ਼ ਸ਼ਰਿੰਗਲਾ ਸਮੇਤ ਸਾਰੇ ਸੂਬਿਆਂ ਦੇ ਮੁੱਖ ਸਕਤੱਰਾਂ ਨਾਲ ਇੱਕ ਬੈਠਕ ਦੌਰਾਨ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਿਸ ਲਿਆਉਣ ਦੀ ਯੋਜਨਾਬੰਦੀ ਕੀਤੀ ਸੀ।
ਪੰਜਾਬ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਹਰ ਜ਼ਿਲੇ ਦਾ ਇੱਕ ਈ-ਮੇਲ ਐਡਰੈੱਸ ਸੋਸ਼ਲ ਮੀਡਿਆ ਉੱਤੇ ਪਾਇਆ ਗਿਆ ਹੈ ਜਿਸ ਉੱਤੇ ਵਿਦੇਸ਼ਾਂ ਵਿੱਚ ਫਸੇ ਉਸ ਜ਼ਿਲੇ ਦੇ ਨਿਵਾਸੀ ਆਪਣਾ ਨਾਮ, ਪਾਸਪੋਰਟ ਨੰਬਰ ਅਤੇ ਹੋਰ ਜਾਣਕਾਰੀ ਦਰਜ ਕਰਵਾ ਸਕਦੇ ਨੇ।

ਸਿਡਨੀ ਦੇ ਓਪਰਾ ਹਾਊਸ ਦੇ ਬਾਹਰ ਸ਼੍ਰੀ ਭੱਠਲ ਆਪਣੇ ਪੁੱਤਰ ਨਾਲ Source: Supplied
ਭਾਰਤ ਸਰਕਾਰ ਇਨ੍ਹਾਂ ਲੋਕਾਂ ਨਾਲ ਸੰਪਰਕ ਕਰਕੇ ਘਰ ਵਾਪਸੀ ਦਾ ਬੰਦੋਬਸਤ ਕਰਨ ਉੱਤੇ ਵਿਚਾਰ ਕਰ ਰਹੀ ਹੈ।
ਸ਼੍ਰੀ ਭੱਠਲ ਨੇ ਇਸ ਤੋਂ ਪਹਿਲਾਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਸੰਸਦੀ ਮੈਂਬਰ ਭਗਵੰਤ ਮਾਨ ਨੂੰ ਵੀ ਮੱਦਦ ਲਈ ਈ-ਮੇਲ ਲਿਖੇ। ਪਰ ਅਜੇ ਤੱਕ ਇਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ।
ਸ਼੍ਰੀ ਭੱਠਲ ਨੇ ਆਸਟ੍ਰੇਲੀਆ ਵਿੱਚ ਭਾਰਤੀ ਉੱਚ ਆਯੋਗ ਨੂੰ ਵੀ ਈ-ਮੇਲ ਕੀਤੀ ਸੀ ਅਤੇ ਓਥੋਂ ਜਵਾਬ ਵੀ ਆਇਆ।
"ਉਨ੍ਹਾਂ ਨੇ ਮੈਨੂੰ ਹੀ ਕਿਹਾ ਕਿ ਜੱਦ ਤੱਕ ਹਵਾਈ ਉਡਾਣਾਂ ਨਹੀਂ ਚਲਦਿਆਂ, ਤੱਦ ਤੱਕ ਸਾਨੂੰ ਇੱਥੇ ਹੀ ਰਹਿਣਾ ਪਵੇਗਾ। ਅਤੇ ਨਾਲ ਹੀ ਉਨ੍ਹਾਂ ਨੇ ਖਾਣ-ਪੀਣ ਦਾ ਮੁਫ਼ਤ ਸਮਾਨ ਵੰਡਣ ਵਾਲੇ ਲੋਕਾਂ ਦੇ ਟੈਲੀਫੂਨ ਨੰਬਰ ਵੀ ਦਿੱਤੇ। ਲੇਕਿਨ ਮੈਂ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਅਜੇਹੀ ਦਿੱਕਤ ਹੈ ਹੀ ਨਹੀਂ, ਅਸੀਂ ਸਿਰਫ ਆਪਣੇ ਘਰਾਂ ਨੂੰ ਪਰਤਣਾ ਚਾਹੰਦੇ ਹਾਂ," ਸ਼੍ਰੀ ਭੱਠਲ ਨੇ ਆਖਿਆ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰਿਤ ਬੁਲਾਰੇ ਅਨੁਰਾਗ ਸ੍ਰੀਵਾਸਤਵ ਵੱਲੋਂ ਜਾਰੀ ਕੀਤੇ ਇਕ ਬਿਆਨ ਮੁਤਾਬਿਕ, ਮੰਤਰਾਲੇ ਵਿੱਚ ਇੱਕ ਕੋਵਿਡ -19 ਕੰਟਰੋਲ ਰੂਮ ਸਥਾਪਤ ਕੀਤਾ ਹੈ, ਜਿਸ ਨੂੰ ਹੁਣ ਤਕ 10,000 ਕਾਲਾਂ ਅਤੇ 30,000 ਈ-ਮੇਲਾਂ ਪ੍ਰਾਪਤ ਹੋਈਆਂ ਹਨ।
ਸ਼੍ਰੀ ਸ੍ਰੀਵਾਸਤਵ ਨੇ ਬਿਆਨ ਵਿੱਚ ਇਹ ਵੀ ਕਿਹਾ ਕਿ ਇਹ ਕੰਟਰੋਲ ਰੂਮ ਕੋਵਿਡ ਸੈੱਲ ਦੇ ਹਿੱਸੇ ਵਜੋਂ ਸਥਾਪਤ ਕੀਤਾ ਗਿਆ ਸੀ ਅਤੇ 16 ਮਾਰਚ ਤੋਂ ਮੰਤਰਾਲੇ ਦੀਆਂ ਟੀਮਾਂ ਵੱਲੋਂ 24 ਘੰਟੇ, ਸੱਤੋ ਦਿਨ ਇਸਦਾ ਮੁਆਇਨਾ ਕੀਤਾ ਜਾ ਰਿਹਾ ਹੈ।
ਇਸ ਗੱਲਬਾਤ ਨੂੰ ਪੰਜਾਬੀ ਵਿੱਚ ਸੁਣਨ ਲਈ ਉੱਤੇ ਬਣੇ ਪਲੇਅਰ ਤੇ ਕਲਿੱਕ ਕਰੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ-ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ। ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀਲਈ sbs.com.au/coronavirus 'ਤੇ ਜਾਓ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ