ਇਸ ਸਾਲ ਦੇ ਆਸਟ੍ਰੇਲੀਆ ਦਿਹਾੜੇ ਨੂੰ ਮਨਾਉਣ ਵੇਲ਼ੇ ਤੁਸੀਂ ਨੈਸ਼ਨਲ ਆਸਟ੍ਰੇਲੀਆ ਡੇਅ ਕੌਂਸਲ ਦੁਆਰਾ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈਆਂ ਵੀਡੀਓ ਕਲਿੱਪਜ਼ ਨੂੰ ਵੇਖਿਆ ਹੋਵੇਗਾ, ਜਿਸਦੇ ਅੰਤ ਵਿੱਚ ਸੁਨੇਹਾ ਦਿੱਤਾ ਜਾਂਦਾ ਹੈ - "ਅਸੀਂ ਸਾਰੇ ਇਸ ਕਹਾਣੀ ਦਾ ਹਿੱਸਾ ਹਾਂ"।
ਸਾਡੀ ਬਹੁਸਭਿਆਚਾਰਕਤਾ ਅਤੇ ਵਿਭਿੰਨਤਾ ਨੂੰ ਮਨਾਉਣ ਵਾਲੀਆਂ ਇਹਨਾਂ ਵੀਡਿਓਜ਼ ਵਿੱਚੋਂ ਇੱਕ ਸਿਡਨੀ ਦੇ ਵਸਨੀਕ ਅਤੇ ਪੰਜਾਬੀ ਲੋਕ ਗਾਇਕ ਦਵਿੰਦਰ ਧਾਰੀਆ ਉੱਤੇ ਫ਼ਿਲਮਾਈ ਗਈ ਹੈ।
ਉਨ੍ਹਾਂ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਕਿਹਾ ਕਿ ਇਸ ਵੀਡੀਓ ਵਿੱਚ ਸ਼ਾਮਲ ਹੋਣਾ ਉਨ੍ਹਾਂ ਲਈ ਇੱਕ 'ਮਾਣ ਵਾਲ਼ੀ ਗੱਲ' ਸੀ।
ਇਸ ਵੀਡੀਓ ਵਿੱਚ ਉਨ੍ਹਾਂ ਨੂੰ ਤੂੰਬੀ ਵਜਾਉਂਦੇ ਅਤੇ ਭੰਗੜਾ ਪਾਉਂਦੇ ਦੇਖਿਆ ਜਾ ਸਕਦਾ ਹੈ, ਉਹ ਕਹਿੰਦੇ ਹਨ - "ਜਦੋਂ ਮੈਂ ਨੱਚਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੇਰੇ ਆਸ ਪਾਸ ਦੇ ਲੋਕ ਇਹ ਦੇਖਕੇ ਖੁਸ਼ ਹੋ ਰਹੇ ਹਨ।"

Punjabi folk singer Devinder Singh Dharia. Source: Facebook/Devinder Dharia
ਆਸਟ੍ਰੇਲੀਆ ਵਿਚ ਪੰਜਾਬੀ ਲੋਕ ਸੰਗੀਤ ਦੇ ਰਖਵਾਲੇ ਵਜੋਂ ਜਾਣੇ ਜਾਂਦੇ ਸ਼੍ਰੀ ਧਾਰੀਆ ਨੇ, 1989 ਵਿੱਚ ਭਾਰਤ ਛੱਡਕੇ ਆਸਟ੍ਰੇਲੀਆ ਵਿੱਚ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ, ਉਸਤਾਦ ਯਮਲਾ ਜੱਟ ਦੀ ਅਗਵਾਈ ਵਿੱਚ ਸਿਖਲਾਈ ਪ੍ਰਾਪਤ ਕੀਤੀ ਸੀ।
"ਉਸਤਾਦ ਜੀ ਲਈ ਮੇਰੇ ਮਨ ਵਿੱਚ ਬਹੁਤ ਸਤਿਕਾਰ ਹੈ। ਮੈਂ ਆਪਣੇ ਆਪ ਨੂੰ ਕਿਸਮਤ ਵਾਲ਼ਾ ਮੰਨਦਾ ਹਾਂ ਕਿ ਮੈਨੂੰ ਉਨ੍ਹਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ," ਉਨ੍ਹਾਂ ਕਿਹਾ।
ਸ੍ਰੀ ਧਾਰੀਆ ਦਾ ਪੁੱਤਰ ਪਵਿੱਤਰ (ਪੈਵ) ਧਾਰੀਆ ਵੀ ਇੱਕ ਮਸ਼ਹੂਰ ਪੰਜਾਬੀ ਗਾਇਕ ਅਤੇ ਸੰਗੀਤਕਾਰ ਹੈ।
"ਸੰਗੀਤ ਦਾ ਸਾਡੇ ਪਰਿਵਾਰ ਨਾਲ਼ ਡੂੰਘਾ ਨਾਤਾ ਹੈ। ਮੈਨੂੰ ਮਾਣ ਹੈ ਕਿ ਪਵਿੱਤਰ ਨੇ ਇਹ ਰਾਹ ਚੁਣਿਆ ਅਤੇ ਇਸ ਖੇਤਰ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ," ਉਨਾਂ ਕਿਹਾ।
ਉਨ੍ਹਾਂ ਦੀ 'ਆਸਟ੍ਰੇਲੀਆ ਡੇ ਕਹਾਣੀ' ਲੋਕਾਂ ਦੀ ਸੋਸ਼ਲ ਮੀਡੀਆ ਫੀਡ ਵਿੱਚ ਹੀ ਨਹੀਂ ਬਲਕਿ ਆਸਟ੍ਰੇਲੀਆ ਦੇ ਪ੍ਰਮੁੱਖ ਹਵਾਈ ਅੱਡਿਆਂ, ਸ਼ਾਪਿੰਗ ਸੈਂਟਰਾਂ ਅਤੇ ਗਲੀਆਂ ਦੇ ਵਿੱਚ ਲੱਗੇ ਵੱਡੇ ਬੋਰਡਾਂ ਉੱਤੇ ਵੀ ਪ੍ਰਦਰਸ਼ਿਤ ਕੀਤੀ ਗਈ ਹੈ।
ਸ਼੍ਰੀ ਧਾਰੀਆ ਹਰੇ ਰੰਗ ਦੀ ਪੱਗ ਬੰਨੀ ਇਨ੍ਹਾਂ ਵਿਸ਼ਾਲ ਬਿਲਬੋਰਡਾਂ ਤੋਂ ਆਸਟ੍ਰੇਲੀਆ ਦਿਵਸ ਅਤੇ ਸੰਗੀਤ ਤੇ ਨਾਚ ਲਈ ਆਪਣੇ ਜਨੂੰਨ ਅਤੇ ਪ੍ਰਵਾਸ ਬਾਰੇ ਗੱਲ ਕਰਦੇ ਹਨ।
ਇਹ ਵੀਡੀਓ ਬਣਾਉਣ ਲਈ ਉਨ੍ਹਾਂ ਨਾਲ ਨੈਸ਼ਨਲ ਆਸਟ੍ਰੇਲੀਆ ਡੇਅ ਕੌਂਸਲ ਅਤੇ ਕਲਚਰਲ ਪਲਸ ਦੁਆਰਾ ਸੰਪਰਕ ਕੀਤਾ ਗਿਆ ਸੀ।
ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਦਵਿੰਦਰ ਧਾਰਿਆ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ