ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਤੇ ਕੈਪ ਲਗਾਉਣ ਦਾ ਮਾਮਲਾ ਸਿਆਸੀ ਤੌਰ 'ਤੇ ਗਰਮਾ ਰਿਹਾ ਹੈ।
ਜਿੱਥੇ ਇੱਕ ਪਾਸੇ ਫੈਡਰਲ ਸਰਕਾਰ ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਤੇ ਸੀਮਾ ਲਗਾਉਣ ਲਈ 'ਓਵਰਸੀਜ਼ ਸਟੂਡੈਂਟ ਅਮੈਂਡਮੈਂਟ' ਨਾਮ ਦਾ ਬਿੱਲ ਪੇਸ਼ ਕਰਨ ਜਾ ਰਹੀ ਹੈ, ਦੂਜੇ ਪਾਸੇ ਇਸ ਬਿੱਲ ਦਾ ਖੰਡਨ ਹੋ ਰਿਹਾ ਹੈ।
ਆਸਟ੍ਰੇਲੀਆ ਦੀਆਂ 39 ਵਿਆਪਕ ਯੂਨੀਵਰਸਿਟੀਆਂ ਦੇ ਸਮੂਹ 'ਯੂਨੀਵਰਸਿਟੀਜ਼ ਆਸਟ੍ਰੇਲੀਆ' ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫੈਸਲਾ 14,000 ਨੌਕਰੀਆਂ ਲਈ ਖ਼ਤਰਾ ਬਣ ਸਕਦਾ ਹੈ।
ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਪਿਛਲੇ ਸਾਲ ਆਸਟ੍ਰੇਲੀਆ ਦੇ ਜੀਡੀਪੀ ਵਿਕਾਸ ਵਿੱਚ ਅੱਧੇ ਤੋਂ ਵੱਧ ਹਿੱਸਾ ਪਾਇਆ ਸੀ - ਲਗਭਗ ਇਕੱਲਿਆਂ ਨੇ ਹੀ ਦੇਸ਼ ਨੂੰ ਮੰਦੀ ਤੋਂ ਬਚਾਇਆ ਸੀ।ਲੂਕ ਸ਼ੀਹੀ, ਆਸਟ੍ਰੇਲੀਆ ਯੂਨੀਵਰਸਿਟੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ
ਲੂਕ ਸ਼ੀਹੀ, ਆਸਟ੍ਰੇਲੀਆ ਯੂਨੀਵਰਸਿਟੀ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ ਅਤੇ ਇਨ੍ਹਾਂ ਨੇ ਇੱਕ ਬਿਆਨ ਵਿੱਚ ਸਰਕਾਰ ਦੇ ਇਸ ਫੈਸਲੇ ਨੂੰ ਰਾਜਨੀਤਿਕ ਹੱਥਕੰਡਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਸਿੱਖਿਆ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਨਿਰਯਾਤ ਹੈ।
ਇਹ ਨਵਾਂ ਨਿਯਮ ਕੀ ਹੈ ਅਤੇ ਇਸਦਾ ਅੰਤਰਾਸ਼ਟਰੀ ਵਿਦਿਆਰਥੀਆਂ ਅਤੇ ਆਸਟ੍ਰੇਲੀਆ ਦੇ ਕਾਲਜਾਂ ਤੇ ਕੀ ਅਸਰ ਪੈ ਸਕਦਾ ਹੈ, ਇਸ ਬਾਰੇ ਐਸ ਬੀ ਐਸ ਪੰਜਾਬੀ ਇਕ ਖਾਸ ਰਿਪੋਰਟ ਪੇਸ਼ ਕਰ ਚੁੱਕਿਆ ਹੈ।

ਛੋਟੇ ਕਾਰੋਬਾਰਾਂ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ, ਉਨ੍ਹਾਂ ਤੇ ਵੀ ਵੱਡਾ ਪ੍ਰਭਾਵ ਪਵੇਗਾ।ਲੂਕ ਸ਼ੀਹੀ, ਯੂਨੀਵਰਸਿਟੀਜ਼ ਆਸਟ੍ਰੇਲੀਆ ਦੇ ਸੀ.ਈ.ਓ
ਐਸਬੀਐਸ ਪੰਜਾਬੀ ਦੇ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ, ਸਿੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ ਸੀ, "ਸਮੇਂ ਦੇ ਨਾਲ ਟਿਕਾਊ ਵਿਕਾਸ ਲਈ ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀ ਦਾ ਪ੍ਰਬੰਧਨ ਕਰਨਾ ਇਸ ਫੈਸਲੇ ਦਾ ਮੂਲ ਕਾਰਨ ਹੈ। ਇਹ ਆਸਟ੍ਰੇਲੀਅਨ ਪ੍ਰਦਾਤਾਵਾਂ ਨਾਲ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਲਈ ਸਕਾਰਾਤਮਕ ਵਿਦਿਆਰਥੀ ਅਨੁਭਵ ਨੂੰ ਸਮਰਥਨ ਦੇਣ ਵਿੱਚ ਮਦਦ ਕਰੇਗਾ।"
"ਇਸ ਮਾਧਿਅਮ ਨਾਲ, ਅਸੀਂ ਯੂਨੀਵਰਸਿਟੀਆਂ ਲਈ ਵਧੇਰੇ ਨਿਸ਼ਚਤਤਾ ਅਤੇ ਵਿਆਪਕ ਖੇਤਰ ਲਈ ਲੰਬੇ ਸਮੇਂ ਲਈ ਟਿਕਾਊ ਵਿਕਾਸ ਪ੍ਰਦਾਨ ਕਰਨਾ ਚਾਹੁੰਦੇ ਹਾਂ।"
ਇਸ ਬਾਰੇ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਖਾਸ ਪੇਸ਼ਕਾਰੀ....
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।