1 ਜੁਲਾਈ ਤੋਂ 31 ਅਕਤੂਬਰ ਤੱਕ ਆਸਟ੍ਰੇਲੀਆ ‘ਚ ਟੈਕਸ ਰਿਟਰਨ ਦਾਖਲ ਕਰਾਉਣ ਦਾ ਸਮਾਂ ਹੁੰਦਾ ਹੈ। ਇਸ ਦੌਰਾਨ ਵਧੇਰੇ ਟੈਕਸ ਰਿਟਰਨ ਹਾਸਿਲ ਕਰਨ ਲਈ ਬਹੁਤ ਸਾਰੇ ਨਿੱਕੇ ਖ਼ਰਚ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ।
ਅਕਾਊਂਟੈਂਟ ਗੁਰਵੀਨ ਕੌਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਸਰਕਾਰ ਵਲੋਂ ਕਈ ਪਰਿਵਾਰਾਂ ਨੂੰ 1080 ਡਾਲਰ ਦੀ ਬਜਾਏ 1500 ਡਾਲਰ ਦਾ ਰਿਫੰਡ ਦਿੱਤਾ ਜਾ ਰਿਹਾ ਹੈ।
ਸ਼੍ਰੀਮਤੀ ਕੌਰ ਮੁਤਾਬਕ ਕ੍ਰਿਪਟੋਕਰੰਸੀ ਇਸ ਵਾਰ ਸਰਕਾਰ ਦੇ ਮੁੱਖ ਨਿਸ਼ਾਨੇ ‘ਤੇ ਹੈ ਅਤੇ ਜੇਕਰ ਕਿਸੇ ਨੂੰ ਕ੍ਰਿਪਟੋਕਰੰਸੀ ਵਿੱਚ ਥੋੜਾ ਜਿਹਾ ਵੀ ਮੁਨਾਫਾ ਮਿਲਿਆ ਹੈ ਤਾਂ ਉਸਨੂੰ ਟੈਕਸ ਰਿਟਰਨ ਵਿੱਚ ਸ਼ਾਮਿਲ ਕਰਨਾ ਜ਼ਰੂਰੀ ਹੈ।
ਘਰਾਂ ਤੋਂ ਕੰਮ ਕਰਨ ਵਾਲੇ ਲੋਕ ਕੰਮ ਸਬੰਧੀ ਕੀਤੇ ਜਾਂਦੇ ਖ਼ਰਚਿਆਂ ਸਮੇਤ ਇੱਕ ਕੰਮ ਤੋਂ ਦੂਜੇ ਕੰਮ ਤੱਕ ਜਾਣ ਲਈ ਵਰਤੇ ਗਏ ਤੇਲ ਦੇ ਖ਼ਰਚਿਆਂ ਨੂੰ ਵੀ ਸ਼ਾਮਿਲ ਕਰ ਸਕਦੇ ਹਨ।
ਪਤੀ-ਪਤਨੀ ਦੀ ਕਮਾਈ ਮਿਲਾਕੇ 1,80,000 ਡਾਲਰ ਤੋਂ ਵੱਧ ਹੋਣ ਦੀ ਸੂਰਤ ਵਿੱਚ ਟੈਕਸ ਰਿਟਰਨ ‘ਚ ਵੱਡੀ ਕਟੌਤੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਗੁਰਵੀਨ ਕੌਰ ਨੇ ਦੱਸਿਆ ਕਿ ਵੱਧ ਟੈਕਸ ਰਿਟਰਨ ਹਾਸਿਲ ਕਰਨ ਲਈ ਛੋਟੇ-ਛੋਟੇ ਖ਼ਰਚਿਆਂ ਨੂੰ ਅੱਖੋਂ-ਪਰੋਖ਼ੇ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਇਹ ਵੀ ਦੱਸਿਆ ਕਿ 31 ਅਕਤੂਬਰ ਦੀ ਆਖ਼ਰੀ ਮਿਤੀ ਨਿਕਲਣ ਤੋਂ ਬਾਅਦ ਵੀ ਟੈਕਸ ਰਿਟਰਨ ਭਰੀ ਜਾ ਸਕਦੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਇਸ ਆਡੀਓ ਲਿੰਕ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।