ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੱਲੋਂ ਕੈਸ਼ ਰੇਟ ਨੂੰ ਇੱਕ ਵਾਰ ਫਿਰ 50 ਆਧਾਰ ਅੰਕ ਵਧਾ ਦਿੱਤਾ ਗਿਆ ਹੈ। ਇਹ ਵਾਧਾ ਬੈਂਕ ਵੱਲੋਂ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਹ ਮੁਦਰਾ ਦਰ ਨੂੰ 2-3 ਪ੍ਰਤੀਸ਼ਤ ਦੇ ਆਪਣੇ ਟੀਚੇ ਦੇ ਦਾਇਰੇ ਵਿੱਚ ਲਿਆਉਣਾ ਚਹੁੰਦਾ ਹੈ ਜੋ ਕਿ ਇਸ ਸਮੇਂ ਛੇ ਪ੍ਰਤੀਸ਼ਤ ਹੈ।
ਵਿਰੋਧੀ ਧਿਰ ਤੋਂ ਖਜ਼ਾਨੇ ਦੇ ਬੁਲਾਰੇ ਐਂਗਸ ਟੇਲਰ ਦਾ ਕਹਿਣਾ ਹੈ ਕਿ ਕਿਸੇ ਆਰਥਿਕ ਪ੍ਰਸਤਾਵ ਲਈ ਅਕਤੂਬਰ ਦੇ ਬਜਟ ਤੱਕ ਦਾ ਇੰਤਜ਼ਾਰ ਕਰਨਾ ਨਿਰਾਸ਼ਾਜਨਕ ਹੈ ਅਤੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਆਮ ਲੋਕ ਇਸ ਸਮੇਂ ਨਾਖੁਸ਼ ਹਨ।
ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਵੱਲੋਂ ਇਹ ਇਸ ਸਾਲ ਦਾ ਲਗਾਤਾਰ ਚੌਥਾ ਵਾਧਾ ਹੈ ਜਿਸ ਵਿੱਚ ਤੀਸਰੀ ਵਾਰ 50 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ।
ਅਧਿਕਾਰਿਤ ਤੌਰ ਉੱਤੇ ਹੁਣ ਨਕਦ ਦਰ 1.85 ਫੀਸਦ ‘ਤੇ ਪਹੁੰਚ ਗਈ ਹੈ ਜਦਕਿ ਚਾਰ ਮਹੀਨੇ ਪਹਿਲਾਂ ਇਹ 0.1 ਫੀਸਦ ਸੀ।
ਆਰ.ਬੀ.ਏ. ਦਾ ਕਹਿਣਾ ਹੈ ਕਿ ਵਧਦੀ ਮਹਿੰਗਾਈ ਜੋ ਕਿ ਇਸ ਸਮੇਂ 21 ਸਾਲਾਂ ਦੇ ਸਭ ਤੋਂ ਉੱਚੇ ਪੱਧਰ 6.1 ਫੀਸਦ ਉੱਤੇ ਹੈ, ਨੂੰ ਦੇਖਦਿਆਂ ਦਰਾਂ ਵਿੱਚ ਲਗਾਤਾਰ ਵਾਧਾ ਕਰਨ ਦੀ ਲੋੜ ਹੈ।
ਮਹਿੰਗਾਈ ‘ਤੇ ਰਾਤੋ-ਰਾਤ ਠੱਲ ਨਹੀਂ ਪੈ ਸਕਦੀ ਇਸ ਲਈ ਆਰ.ਬੀ.ਏ. ਦਾ ਕਹਿਣਾ ਹੈ ਕਿ ਨਕਦ ਦਰ ਵਿੱਚ ਉਦੋਂ ਤੱਕ ਵਾਧਾ ਹੁੰਦਾ ਰਹੇਗਾ ਜਦੋਂ ਤੱਕ ਮਹਿੰਗਾਈ ਨਹੀਂ ਘੱਟਦੀ।
ਹਾਲਾਂਕਿ ਮਕਾਨ ਮਾਲਿਕਾਂ ਵਿੱਚ ਇਸ ਵਾਧੇ ਨੂੰ ਲੈ ਕੇ ਉਦਾਸੀ ਹੈ ਪਰ ਕੁੱਝ ਲੋਕਾਂ ਲਈ ਇਹ ਚੰਗੀ ਖ਼ਬਰ ਵੀ ਹੋ ਸਕਦੀ ਹੈ ਕਿਉਂਕਿ ਘਰਾਂ ਦੀ ਕਿਸ਼ਤਾਂ ਵਧਣ ਨਾਲ਼ ਤੇ ਮੰਗ ਘਟਣ ਕਰਕੇ ਰੀਅਲ ਅਸਟੇਟ ਵਿਚਲੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਓਂਦੀ ਹੈ।
ਜਮਾਂ ਪੂੰਜੀ ਵਾਲੇ ਲੋਕਾਂ ਨੂੰ ਵੀ ਉੱਚੀ ਦਰ ਤੋਂ ਲਾਭ ਪਹੁੰਚੇਗਾ, ਖਾਸ ਕਰ ਕੇ ਉਨ੍ਹਾਂ ਲੋਕਾਂ ਨੂੰ ਜੋ ਆਪਣੇ ਰਹਿਣ-ਸਹਿਣ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਬੈਂਕ ਵਿਆਜ ਉੱਤੇ ਨਿਰਭਰ ਕਰਦੇ ਹਨ।
ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਘਰਾਂ ਦੇ ਮਾਲਕ ਆਪਣੇ ਕਰਜ਼ਿਆਂ ਨੂੰ ਰੀ-ਫਾਈਨੈਂਸ ਕਰਾ ਰਹੇ ਹਨ ਅਤੇ ਰੇਟ ਵੱਧਣ ਕਾਰਨ ਇਹ ਮਾਲਕ ਬਿਹਤਰ 'ਡੀਲਜ਼' ਦੇਣ ਵਾਲੇ ਬੈਂਕਾਂ ਵਿੱਚ ਆਪਣੇ ਖਾਤੇ ਤਬਦੀਲ ਕਰਾ ਰਹੇ ਹਨ।