ਉਸਤਾਦ ਸ਼ਮਿੰਦਰ ਪਾਲ ਸਿੰਘ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਬੱਚਿਆਂ ਨੂੰ ਸਾਰੰਗੀ, ਦਿਲਰੂਬਾ ਅਤੇ ਤਾਊਸ ਆਦਿ ਸਾਜ਼ਾਂ ਦੇ ਨਾਲ਼ ਗੁਰਮਤਿ ਅਤੇ ਸ਼ਾਸ਼ਤਰੀ ਸੰਗੀਤ ਦੀਆਂ ਵੰਨਗੀਆਂ ਸਿਖਾ ਰਹੇ ਹਨ।
ਮੈਲਬੌਰਨ ਦੇ ਦੱਖਣ-ਪੂਰਬੀ ਇਲਾਕੇ ਕ੍ਰੇਨਬਰਨ ਵਿੱਚ ਸਿੱਖ ਸੇਵਕ ਆਸਟ੍ਰੇਲੀਆ ਅਤੇ ਬਾਬਾ ਦੀਪ ਸਿੰਘ ਗੁਰਮਤਿ ਅਕੈਡਮੀ ਦੇ ਸਾਂਝੇ ਉੱਦਮ ਦੇ ਚਲਦਿਆਂ ਉਹ ਅਗਲੀ ਪੀੜ੍ਹੀ ਨੂੰ ਵਿਸਰ ਰਹੇ ਸਾਜਾਂ ਨਾਲ਼ ਸਿਖਲਾਈ ਦਿੰਦਿਆਂ ਕੀਰਤਨ ਵਿੱਦਿਆ ਵਿੱਚ ਨਿਪੁੰਨ ਕਰ ਰਹੇ ਹਨ।
ਐਸ ਬੀ ਐਸ ਨਾਲ਼ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਅੱਜ ਦੇ ਸਮਾਜ ਉੱਤੇ ਪੱਛਮੀ ਅਤੇ ਸਮਕਾਲੀ ਸੰਗੀਤ ਸ਼ੈਲੀਆਂ ਦੇ ਪ੍ਰਭਾਵ ਦੇ ਬਾਵਜੂਦ, ਉਨ੍ਹਾਂ ਦੀ ਜ਼ਿੰਦਗੀ, ਸ਼ਾਸਤਰੀ ਸੰਗੀਤ ਅਤੇ ਰੂਹਾਨੀ ਤੇ ਪ੍ਰੰਪਰਾਗਤ ਤੰਤੀ ਸਾਜਾਂ ਨਾਲ਼ ਕੀਤੇ ਜਾਂਦੇ ਕੀਰਤਨ ਨੂੰ ਸਮਰਪਿਤ ਰਹੀ ਹੈ।
"ਮੈਂ ਆਪਣੇ ਗੁਰੂਆਂ ਤੇ ਉਸਤਾਦਾਂ ਦੇ ਵੀ ਬਲਿਹਾਰ ਜਾਂਦਾ ਹਾਂ ਜਿੰਨ੍ਹਾਂ ਦੀ ਕਿਰਪਾ ਸਦਕਾ ਮੈਂ ਇਸ ਮੁਕਾਮ 'ਤੇ ਪਹੁੰਚਿਆ ਹਾਂ ਜਿਥੇ ਮੈਨੂੰ ਸੰਗੀਤ ਪ੍ਰੇਮੀਆਂ ਵੱਲੋਂ ਅਥਾਹ ਪਿਆਰ-ਸਤਿਕਾਰ ਮਿਲਿਆ ਹੈ," ਉਨ੍ਹਾਂ ਕਿਹਾ।
ਉਸਤਾਦ ਸ਼ਮਿੰਦਰ ਪਾਲ ਸਿੰਘ ਅੱਜਕੱਲ ਮੈਲਬੌਰਨ ਵਿੱਚ ਬੱਚਿਆਂ ਨੂੰ ਗੁਰਮਤਿ ਸੰਗੀਤ ਸਿਖਾ ਰਹੇ ਹਨ। Credit: ACMI/SBS Studios, Melbourne
ਉਨ੍ਹਾਂ ਸਾਰੰਗੀ ਅਤੇ ਤਾਊਸ ਦੇ ਸਾਜ਼ਾਂ ਨਾਲ ਗੁਰਮਤਿ ਸੰਗੀਤ ਵਿੱਚ ਵੀ ਮੁਹਾਰਤ ਹਾਸਲ ਕੀਤੀ ਤੇ ਭਾਈ ਨਿਰਮਲ ਸਿੰਘ ਵਰਗੇ ਮਹਾਨ ਕੀਰਤਨਕਾਰਾਂ ਨਾਲ਼ ਵੀ ਸੰਗੀਤਕ ਸਟੇਜ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਉਨਾਂ ਨੂੰ ਕਈ ਪੰਜਾਬੀ ਤੇ ਬਾਲੀਵੁੱਡ ਗਾਇਕਾਂ ਜਿਵੇਂਕਿ ਸੁਰਿੰਦਰ ਕੌਰ, ਨਰਿੰਦਰ ਬੀਬਾ, ਸੁਨਿਧੀ ਚੌਹਾਨ, ਅਲਕਾ ਯਾਗਨਿਕ, ਕਵਿਤਾ ਕ੍ਰਿਸ਼ਨਾਮੂਰਤੀ, ਹਿਮੇਸ਼ ਰੇਸ਼ਮੀਆ ਆਦਿ ਨਾਲ਼ ਵੀ ਸਟੇਜ ਸਾਂਝੀ ਕਰਨ ਦਾ ਮਾਣ ਮਿਲਿਆ ਹੈ।
ਸੈਂਕੜੇ ਹੋਰ ਸ਼ਾਗਿਰਦਾਂ ਤੋਂ ਇਲਾਵਾ, ਉਸਤਾਦ ਸ਼ਮਿੰਦਰ ਪਾਲ ਸਿੰਘ ਦੇ ਪੁੱਤਰ ਸਤਵਿੰਦਰ ਪਾਲ ਸਿੰਘ ਨੇ ਵੀ ਉਨ੍ਹਾਂ ਤੋਂ ਸਾਰੰਗੀ ਸਿੱਖੀ ਹੈ।
ਸ਼ਮਿੰਦਰ ਪਾਲ ਸਿੰਘ ਨੇ ਆਸਟ੍ਰੇਲੀਆ ਵਸਦੀ ਨਵੀਂ ਪੀੜ੍ਹੀ ਨੂੰ ਪਰੰਪਰਿਕ ਸਾਜ਼ ਜਿਵੇਂ ਕਿ ਸਾਰੰਗੀ, ਸਾਰੰਦਾ, ਇਸਰਾਜ, ਦਿਲਰੁਬਾ ਅਤੇ ਤਾਊਸ ਆਦਿ ਸਿਖਣ ਲਈ ਵੀ ਪ੍ਰੇਰਿਤ ਕੀਤਾ।
ਹੋਰ ਵੇਰਵੇ ਲਈ ਉਨਾਂ ਨਾਲ਼ ਕੀਤੀ ਇਹ ਇੰਟਰਵਿਊ ਸੁਣੋ ਜਿਸ ਵਿੱਚ ਉਨ੍ਹਾਂ ਪੰਜਾਬੀ ਲੋਕ ਗੀਤ ਵੰਨਗੀਆਂ ਜਿਵੇਂ ਕਿ ਮਿਰਜ਼ਾ, ਸਾਡਾ ਚਿੜੀਆਂ ਦਾ ਚੰਬਾ ਆਦਿ ਅਤੇ ਬਾਲੀਵੁੱਡ ਦੇ ਕੁਝ ਮਕਬੂਲ ਗੀਤਾਂ ਨੂੰ ਵੀ ਸਾਰੰਗੀ ਰਾਹੀਂ ਆਪਣੇ ਸੁਣਨ ਵਾਲਿਆਂ ਦੇ ਰੂਬਰੂ ਕੀਤਾ।