ਮੌਰੀਸਨ ਸਰਕਾਰ ਦੁਆਰਾ ਇਸ ਮੰਗਲਵਾਰ ਪੇਸ਼ ਕੀਤੇ ਬਜਟ ਵਿੱਚ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਕੋਵਿਡ-19 ਮਹਾਂਮਾਰੀ ਦੇ ਪ੍ਰਭਾਵ ਤੋਂ ਉਭਾਰਨ ਲਈ ਕੀਤੇ ਜਾ ਰਹੇ ਇੱਕ ਯਤਨ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਬਜਟ ਵਿਚਲਾ ਘਾਟਾ 168 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਲਾਇਆ ਗਿਆ ਹੈ ਜੋ ਕਿ ਲਗਪਗ ਛੇ ਮਹੀਨੇ ਪਹਿਲਾਂ ਲਾਏ ਇੱਕ ਅੰਦੇਸ਼ੇ ਨਾਲੋਂ 53 ਬਿਲੀਅਨ ਡਾਲਰ ਘੱਟ ਹੈ।
ਫੈਡਰਲ ਬਜਟ ਤਹਿਤ ਜਿੱਥੇ ਕੁਝ ਲੋਕਾਂ ਨੂੰ ਟੈਕਸ ਤੋਂ ਮਾਮੂਲੀ ਰਾਹਤ ਮਿਲਣ ਦੀ ਸੰਭਾਵਨਾ ਹੈ ਉਥੇ ਇਸਨੂੰ ਚਾਈਲਡ ਕੇਅਰ ਸਬਸਿਡੀ ਤੇ ਕੰਮ-ਕਾਰੋਬਾਰਾਂ ਲਈ ਵੀ ਇੱਕ ਹਾਂ-ਪੱਖੀ ਹੁੰਗਾਰੇ ਵਜੋਂ ਲਿਆ ਜਾ ਰਿਹਾ ਹੈ।
ਮੈਲਬੌਰਨ ਵਿੱਚ ਇੱਕ ਅਕਾਊਂਟੈਂਟ ਵਜੋਂ ਕੰਮ ਕਰਦੇ ਮਨਪ੍ਰੀਤ ਸਿੰਘ ਦੁਆਰਾ ਇਸ ਬਜਟ ਦੇ ਕੁਝ ਮਹੱਤਵਪੂਰਨ ਨੁਕਤੇ ਇਉਂ ਵਿਚਾਰੇ ਗਏ ਹਨ:
ਨਿੱਜੀ ਟੈਕਸ ਦਰਾਂ ਵਿੱਚ ਸਾਲ ਕੋਈ ਵੀ ਬਦਲਾਅ ਨਹੀਂ ਐਲਾਨਿਆ ਗਿਆ ਹੈ।
ਘੱਟ ਤੇ ਮੱਧਮ ਆਮਦਨੀ ਵਾਲੇ ਟੈਕਸ ਆਫਸੈੱਟ ਨੂੰ ਅਗਲੇ ਵਿੱਤੀ ਸਾਲ ਦੇ ਅੰਤ ਤੱਕ ਵਧਾ ਦਿੱਤਾ ਗਿਆ ਹੈ ਜਿਸ ਨਾਲ 48,000 ਡਾਲਰ ਤੋਂ 90,000 ਡਾਲਰ ਦੇ ਵਿਚਕਾਰ ਕਮਾਈ ਕਰਨ ਵਾਲਿਆਂ ਨੂੰ 1080 ਡਾਲਰ ਦੀ ਰਾਹਤ ਦਿੱਤੀ ਜਾਂਦੀ ਹੈ।
ਸਰਕਾਰ ਵੱਲੋਂ ਟੈਕਸ ਰੈਜ਼ੀਡੈਂਸੀ ਲਈ ਨਵੇਂ ਮਾਪਦੰਡ ਦਾ ਐਲਾਨ ਕੀਤਾ ਗਿਆ ਹੈ। ਜੇ ਤੁਸੀਂ ਆਸਟ੍ਰੇਲੀਆ ਵਿਚ 183 ਦਿਨਾਂ ਤੋਂ ਰਹਿ ਰਹੇ ਹੋ ਤਾਂ ਤੁਸੀਂ ਟੈਕਸ ਦੇ ਹਿਸਾਬ ਨਾਲ ਇੱਥੋਂ ਦੇ ਵਸਨੀਕ ਮੰਨੇ ਜਾਓਗੇ।
ਜਿਨ੍ਹਾਂ ਪਰਿਵਾਰਾਂ ਵਿੱਚ 5 ਸਾਲ ਤੋਂ ਘੱਟ ਉਮਰ ਦੇ ਇੱਕ ਤੋਂ ਵੱਧ ਬੱਚੇ ਹਨ ਅਤੇ ਉਹ ਚਾਈਲਡ ਕੇਅਰ ਜਾਂਦੇ ਹਨ, ਉਨ੍ਹਾਂ ਲਈ ਸਰਕਾਰ 1.7 ਬਿਲੀਅਨ ਡਾਲਰ ਖਰਚੇਗੀ। ਇਸ ਨਾਲ ਢਾਈ ਲੱਖ ਪਰਿਵਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।
ਪੰਜ ਬਿਲੀਅਨ ਡਾਲਰ ਤੋਂ ਘੱਟ ਟਰਨਓਵਰ ਵਾਲੇ ਉਦਯੋਗ ਜਾਂ ਵਪਾਰਾਂ ਲਈ ਖਰੀਦੇ ਗਏ ਉਪਕਰਨ ਜਾਂ ਸੰਪਤੀ ਨੂੰ ਤੁਰੰਤ ਹੀ ਕਲੇਮ ਕੀਤਾ ਜਾ ਸਕੇਗਾ। ਸ਼ਰਤ ਅਨੁਸਾਰ ਨਵੇਂ ਉਪਕਰਨ 6 ਅਕਤੂਬਰ 2020 ਤੋਂ 30 ਜੂਨ 2023 ਦੇ ਵਿਚਕਾਰ ਖ਼ਰੀਦੇ ਜਾਂ ਇਸਤੇਮਾਲ ਕੀਤੇ ਹੋਣੇ ਚਾਹੀਦੇ ਹਨ।
ਸੁਪਰਅਨੁਐਸ਼ਨ ਦੀ ਲਾਜ਼ਮੀ ਥਰੈਸ਼ਹੋਲਡ ਨੂੰ 450 ਡਾਲਰ ਤੋਂ ਖ਼ਤਮ ਕਰ ਦਿੱਤਾ ਜਾਵੇਗਾ ਤੇ ਪਹਿਲਾਂ ਦੇ ਐਲਾਨ ਅਨੁਸਾਰ ਲਾਜ਼ਮੀ ਸੁਪਰ 9.5% ਤੋਂ ਵਧਾਕੇ 10% ਕਰ ਦਿੱਤੀ ਜਾਏਗੀ।
ਆਸਟ੍ਰੇਲੀਆ ‘ਚ ਮੌਜੂਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਿਆਦਾ ਕੰਮ ਕਰਨ ਦਾ ਮੌਕਾ ਮਿਲੇਗਾ। ਹੌਸਪੀਟੇਲਟੀ ਤੇ ਟੂਰਿਜ਼ਮ ਸੈਕਟਰ ‘ਚ ਕੰਮ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਲਈ ਪੰਦਰਵਾੜੇ 40 ਘੰਟੇ ਕੰਮ ਕਰਨ ਦੀ ਸੀਮਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੇ ਕੋਈ ਖੇਤੀਬਾੜੀ, ਸਿਹਤ ਜਾਂ ਏਜ਼ਡ ਕੇਅਰ ਸੈਕਟਰ ‘ਚ ਕੰਮ ਕਰਦਾ ਹੈ ਤਾਂ ਉਸ ਨੂੰ ਵੀ ਇਸ ਤੋਂ ਲਾਭ ਮਿਲੇਗਾ।
ਆਸਟ੍ਰੇਲੀਆ ਵਿੱਚ ਸਥਾਪਿਤ ਨਵੇਂ ਪ੍ਰਵਾਸੀਆਂ ਨੂੰ ਸਰਕਾਰੀ ਭੱਤੇ ਲੈਣ ਲਈ 4 ਸਾਲ ਇੰਤਜ਼ਾਰ ਕਰਨਾ ਪਵੇਗਾ। ਇਸ ਐਲਾਨ ਤਹਿਤ ਸਰਕਾਰ ਨੂੰ ਪੰਜ ਸਾਲਾਂ ਦੌਰਾਨ $671 ਮਿਲੀਅਨ ਦੀ ਬਚਤ ਹੋਵੇਗੀ।

Manpreet Singh works as an accountant at Dandenong in Melbourne's southeast. Source: SBS Punjabi
ਇਸ ਸਬੰਧੀ ਹੋਰ ਜਾਣਕਾਰੀ ਲਈ ਅਕਾਊਂਟੈਂਟ ਮਨਪ੍ਰੀਤ ਸਿੰਘ ਨਾਲ਼ ਰਿਕਾਰਡ ਕੀਤੀ ਇੰਟਰਵਿਊ ਸੁਣੋ:
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।