27-ਸਾਲਾ ਗਗਨ ਸਰਾਂ ਦਾ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਕਾਫੀ ਲਗਾਅ ਹੈ।
ਪਰ ਪਿਛਲੇ ਛੇ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿੰਦਿਆਂ ਉਨ੍ਹਾਂ ਨੂੰ ਪੰਜਾਬੀ ਕਿਤਾਬਾਂ ਲੱਭਣ ਵਿੱਚ ਕਾਫੀ ਮੁਸ਼ਕਿਲ ਆਈ ਜਿਸ ਪਿੱਛੋਂ ਉਨ੍ਹਾਂ ਆਡੀਓਬੁੱਕ ਡਾਟਾਬੇਸ 'ਵਿਰਾਸਤ' ਬਣਾਉਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ।
“ਮੇਰਾ ਮਨ ਸੀ ਕਿ ਹੋਰਨਾਂ ਭਾਸ਼ਾਵਾਂ ਵਾਂਗ ਪੰਜਾਬੀ ਪੁਸਤਕ ਪ੍ਰੇਮੀਆਂ ਕੋਲ ਵੀ ਆਪਣੀ ਜ਼ੁਬਾਨ ਵਿੱਚ ਆਡੀਓਬੁੱਕਸ ਸੁਣਨ ਦਾ ਵਿਕਲਪ ਹੋਵੇ," ਉਨ੍ਹਾਂ ਐਸ ਬੀ ਐਸ ਪੰਜਾਬੀ ਨਾਲ਼ ਇੱਕ ਇੰਟਰਵਿਊ ਵਿੱਚ ਕਿਹਾ।
"ਕਿਤਾਬਾਂ ਨੂੰ ਸੁਣਨ ਦਾ ਰੁਝਾਨ ਦੁਨੀਆ ਭਰ ਵਿੱਚ ਵਧ ਰਿਹਾ ਹੈ ਜਿਸ ਪਿੱਛੇ ਆਡੀਬਲ ਅਤੇ ਸਕ੍ਰਿਬਡ ਵਰਗੇ ਵੱਡੇ ਪਲੇਟਫਾਰਮ ਸ਼ਾਮਿਲ ਹਨ ਪਰ ਓਥੇ ਕੋਈ ਵੀ ਪੰਜਾਬੀ ਦੀ ਕਿਤਾਬ ਮੌਜੂਦ ਨਹੀਂ ਜਿਸ ਪਿੱਛੋਂ ਮੈਂ ਆਪਣੇ ਪਤੀ ਦੀ ਸਹਾਇਤਾ ਨਾਲ਼ 'ਵਿਰਾਸਤ' ਨਾਂ ਉੱਤੇ ਇਹ ਪ੍ਰੋਜੈਕਟ ਸ਼ੁਰੂ ਕੀਤਾ। "
ਗਗਨ ਨੇ ਦੱਸਿਆ ਕਿ ਹੁਣ ਤੱਕ ਉਹ 'ਵਿਰਾਸਤ' ਲਈ 350 ਦੇ ਕਰੀਬ ਕਿਤਾਬਾਂ ਰਿਕਾਰਡ ਕਰਵਾ ਚੁੱਕੇ ਹਨ।

Audiobooks - photo used for represenatation purpose only. Source: Pexels
"ਸਾਡਾ ਧਿਆਨ ਰਿਕਾਰਡਿੰਗ ਦੀ ਗੁਣਵੱਤਾ ਅਤੇ ਸੁਣਨ ਵਾਲਿਆਂ ਦੀ ਰੁਚੀ ਅਤੇ ਤਜ਼ਰਬੇ ਉੱਤੇ ਅਧਾਰਿਤ ਹੈ। ਸਾਡਾ ਉਦੇਸ਼ ਕਿਤਾਬਾਂ ਪ੍ਰਤੀ ਪਿਆਰ-ਸਤਿਕਾਰ ਅਤੇ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਜੋ ਪੰਜਾਬੀ ਸਾਹਿਤ ਦੇ ਸਮੁੰਦਰ ਵਿੱਚ ਡੁਬਕੀ ਲਾਉਣ ਵਿੱਚ ਦਿਲਚਸਪੀ ਰੱਖਦੇ ਹਨ।"
ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬੀ ਆਡੀਓਬੁੱਕ ਦੀ ਨਵੀਂ ਪਿਰਤ ਹੁਣ ਆਪਣੇ ਸੁਨਹਿਰੀ ਦੌਰ ਵਿੱਚ ਹੈ।
"ਪੰਜਾਬੀ ਸਾਹਿਤ ਵਿੱਚ ਮੌਜੂਦਾ ਅਤੇ ਵਧ ਰਹੀ ਅੰਤਰਰਾਸ਼ਟਰੀ ਆਡੀਓਬੁੱਕ ਮਾਰਕੀਟ ਨੂੰ ਵਰਤਣ ਦੀ ਪੂਰੀ ਸਮਰੱਥਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਤੇਜ਼ੀ ਨਾਲ ਬਦਲਦੇ ਡਿਜੀਟਲ ਮਾਹੌਲ ਦੇ ਅਨੁਕੂਲ ਢਲੀਏ ਤੇ ਇਸਨੂੰ ਅਪਣਾਈਏ," ਉਨ੍ਹਾਂ ਕਿਹਾ।
ਗਗਨ ਮੁਤਾਬਿਕ 'ਵਿਰਾਸਤ' ਦਾ ਮੁਖ ਉਦੇਸ਼ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ, ਸਭਿਆਚਾਰ, ਰਸਮਾਂ, ਲੋਕਧਾਰਾ, ਜੀਵਨ ਸ਼ੈਲੀ, ਅਤੇ ਉਨ੍ਹਾਂ ਦੇ 'ਅੱਜ ਅਤੇ ਕੱਲ' ਨਾਲ ਜੋੜਨਾ ਹੈ।
"ਕਿਤਾਬਾਂ ਗਿਆਨ ਦਾ ਸਮੁੰਦਰ ਹਨ ਜੋ ਸਾਡੀ ਸ਼ਖਸੀਅਤ ਨੂੰ ਨਿਖਾਰਦੀਆਂ ਹਨ, ਲੋੜ ਹੈ ਤਾਂ ਉਨ੍ਹਾਂ ਨੂੰ ਅਪਨਾਉਣ ਦੀ, ਸੁਨਣ ਦੀ ਅਤੇ ਹੋਰਾਂ ਨੂੰ ਸੁਣਾਉਣ ਦੀ," ਉਨ੍ਹਾਂ ਕਿਹਾ।
'ਵਿਰਾਸਤ' ਦੀ ਮੁਢਲੀ ਸਫਲਤਾ ਪਿੱਛੋਂ ਹੁਣ ਗਗਨ ਦਾ ਟੀਚਾ ਅਗਲੇ ਸਾਲ ਦੇ ਅੰਤ ਤੱਕ ਘੱਟੋ-ਘੱਟ ਇੱਕ ਹਜ਼ਾਰ ਹੋਰ ਕਿਤਾਬਾਂ ਰਿਕਾਰਡ ਕਰਵਾਉਣ ਦਾ ਹੈ।
ਗਗਨ ਸਰਾਂ ਨਾਲ ਪੂਰੀ ਗੱਲਬਾਤ ਸੁਣਨ ਲਈ ਇਸ ਲਿੰਕ ਉੱਤੇ ਕਲਿਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।